ਪੰਜਾਬੀ IRV / ਲੂਕਾ / ਅਧਿਆਏ 17
ਪੰਜਾਬੀ IRV · chapter 17
1 ¶ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ‹ਠੋਕਰਾਂ ਦਾ ਨਾ ਲੱਗਣਾ ਅਣਹੋਣਾ ਹੈ ਪਰ ਅਫ਼ਸੋਸ ਉਸ ਆਦਮੀ ਉੱਤੇ ਜਿਸ ਕਰਕੇ ਉਹ ਲੱਗਦੀਆਂ ਹਨ!›
2 ‹ਉਹ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਨੂੰ ਠੋਕਰ ਖੁਆਵੇ ਤਾਂ ਉਸ ਦੇ ਲਈ ਇਸ ਨਾਲੋਂ ਚੰਗਾ ਸੀ ਜੋ ਚੱਕੀ ਦਾ ਪੁੜ ਉਸ ਦੇ ਗਲ਼ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਵਿੱਚ ਸੁੱਟਿਆ ਜਾਂਦਾ।›
3 ‹ਸਾਵਧਾਨ ਰਹੋ! ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਸਮਝਾ ਦੇ ਅਤੇ ਜੇ ਤੋਬਾ ਕਰੇ ਤਾਂ ਉਸ ਨੂੰ ਮਾਫ਼ ਕਰ।›
4 ‹ਜੇ ਉਹ ਇੱਕ ਦਿਨ ਵਿੱਚ ਸੱਤ ਵਾਰੀ ਤੇਰਾ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਆ ਕੇ ਕਹੇ, ਮੈਂ ਤੋਬਾ ਕਰਦਾ ਹਾਂ, ਤਾਂ ਉਸ ਨੂੰ ਮਾਫ਼ ਕਰ।›
5 ¶ ਤਦ ਰਸੂਲਾਂ ਨੇ ਪ੍ਰਭੂ ਨੂੰ ਕਿਹਾ, ਸਾਡਾ ਵਿਸ਼ਵਾਸ ਵਧਾਓ।
6 ਪਰ ਪ੍ਰਭੂ ਨੇ ਆਖਿਆ, ‹ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੁੰਦਾ ਤਾਂ ਤੁਸੀਂ ਇਸ ਤੂਤ ਦੇ ਰੁੱਖ ਨੂੰ ਕਹਿ ਦਿੰਦੇ ਜੋ ਉੱਖੜ ਜਾ ਅਤੇ ਸਮੁੰਦਰ ਵਿੱਚ ਲੱਗ ਜਾ ਤਾਂ ਉਹ ਤੁਹਾਡੀ ਮੰਨ ਲੈਂਦਾ।›
7 ¶ ‹ਤੁਹਾਡੇ ਵਿੱਚੋਂ ਕੌਣ ਹੈ ਜੇ ਉਸ ਦਾ ਨੌਕਰ ਹਲ ਵਾਹੁੰਦਾ ਜਾ ਭੇਡਾਂ ਚਾਰਦਾ ਹੋਵੇ ਅਤੇ ਜਿਸ ਵੇਲੇ ਉਹ ਖੇਤੋਂ ਵਾਪਸ ਆਵੇ ਤਾਂ ਉਸ ਨੂੰ ਆਖੇਗਾ ਕਿ ਛੇਤੀ ਆ ਕੇ ਖਾਣ ਨੂੰ ਬੈਠ?›
8 ‹ਸਗੋਂ ਉਸ ਨੂੰ ਇਹ ਨਾ ਆਖੇਗਾ, ਕਿ ਕੁਝ ਖਾਣ ਨੂੰ ਤਿਆਰ ਕਰ ਜੋ ਮੈਂ ਖਾਵਾਂ ਅਤੇ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ ਜਦ ਤੱਕ ਮੈਂ ਖਾ ਪੀ ਨਾ ਲਵਾਂ ਅਤੇ ਇਸ ਦੇ ਬਾਅਦ ਤੂੰ ਖਾਵੀਂ ਪੀਵੀਂ?›
9 ‹ਭਲਾ, ਉਹ ਉਸ ਨੌਕਰ ਦਾ ਅਹਿਸਾਨ ਮੰਨਦਾ ਹੈ ਇਸ ਲਈ ਜੋ ਉਸ ਦੇ ਹੁਕਮ ਅਨੁਸਾਰ ਕੰਮ ਕੀਤੇ?›
10 ‹ਇਸੇ ਤਰ੍ਹਾਂ ਤੁਸੀਂ ਵੀ ਉਨ੍ਹਾਂ ਸਾਰੇ ਕੰਮਾਂ ਦਾ ਜਿਨ੍ਹਾਂ ਦਾ ਤੁਹਾਨੂੰ ਹੁਕਮ ਦਿੱਤਾ ਗਿਆ ਸੀ ਪੂਰੇ ਕਰ ਚੁੱਕੋ ਤਾਂ ਕਹੋ ਕਿ ਅਸੀਂ ਨਿਕੰਮੇ ਬੰਦੇ ਹਾਂ ਜੋ ਕੁਝ ਸਾਨੂੰ ਕਰਨਾ ਉੱਚਿਤ ਸੀ ਅਸੀਂ ਉਹ ਹੀ ਕੀਤਾ।›
11 ¶ ਜਦ ਯਿਸੂ ਯਰੂਸ਼ਲਮ ਨੂੰ ਚੱਲਿਆ ਜਾਂਦਾ ਸੀ ਤਾਂ ਉਹ ਸਾਮਰਿਯਾ ਅਤੇ ਗਲੀਲ ਦੇ ਵਿੱਚੋਂ ਦੀ ਲੰਘਿਆ।
12 ਅਤੇ ਕਿਸੇ ਪਿੰਡ ਵਿੱਚ ਵੜਦਿਆਂ ਸਮੇਂ ਉਸ ਨੂੰ ਦਸ ਕੋੜ੍ਹੀ ਮਿਲੇ ਜਿਹੜੇ ਉਸ ਤੋਂ ਦੂਰ ਖੜੇ ਰਹੇ।
13 ਅਤੇ ਉਨ੍ਹਾਂ ਨੇ ਉੱਚੀ ਅਵਾਜ਼ ਦੇ ਕੇ ਕਿਹਾ, ਹੇ ਯਿਸੂ ਮਹਾਰਾਜ, ਸਾਡੇ ਉੱਤੇ ਦਯਾ ਕਰ!
14 ਤਦ ਯਿਸੂ ਨੇ ਵੇਖ ਕੇ ਉਨ੍ਹਾਂ ਨੂੰ ਆਖਿਆ, ‹ਜਾਓ ਅਤੇ ਆਪਣੇ ਆਪ ਨੂੰ ਜਾਜਕਾਂ ਨੂੰ ਵਿਖਾਓ,› ਅਤੇ ਇਹ ਹੋਇਆ ਕਿ ਉਹ ਜਾਂਦੇ-ਜਾਂਦੇ ਹੀ ਸ਼ੁੱਧ ਹੋ ਗਏ।
15 ਤਦ ਉਨ੍ਹਾਂ ਕੋੜ੍ਹੀਆਂ ਵਿੱਚੋਂ ਇੱਕ ਕੋੜ੍ਹੀ ਇਹ ਵੇਖ ਕੇ ਜੋ ਮੈਂ ਚੰਗਾ ਹੋਇਆ ਹਾਂ, ਵੱਡੀ ਅਵਾਜ਼ ਨਾਲ ਪਰਮੇਸ਼ੁਰ ਦੀ ਵਡਿਆਈ ਕਰਦਾ ਹੋਇਆ ਮੁੜ ਆਇਆ।
16 ਅਤੇ ਮੂੰਹ ਦੇ ਭਾਰ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਉਸ ਦਾ ਸ਼ੁਕਰ ਕੀਤਾ, ਅਤੇ ਉਹ ਸਾਮਰੀ ਸੀ।
17 ਯਿਸੂ ਨੇ ਉਸ ਨੂੰ ਪੁੱਛਿਆ ਕਿ ‹ਭਲਾ, ਦਸੇ ਸ਼ੁੱਧ ਨਹੀਂ ਹੋਏ ਸਨ? ਤਾਂ ਬਾਕੀ ਨੌ ਕਿੱਥੇ ਹਨ?›
18 ‹ਇਸ ਇਕੱਲੇ ਨੂੰ ਛੱਡ ਹੋਰ ਕੋਈ ਨਾ ਮੁੜਿਆ ਜੋ ਮੁੜ ਕੇ ਪਰਮੇਸ਼ੁਰ ਦੀ ਵਡਿਆਈ ਕਰਦਾ?›
19 ਯਿਸੂ ਨੇ ਉਸ ਨੂੰ ਕਿਹਾ, ‹ਉੱਠ ਕੇ ਚੱਲਿਆ ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।›
20 ¶ ਜਦ ਫ਼ਰੀਸੀਆਂ ਨੇ ਯਿਸੂ ਨੂੰ ਪੁੱਛਿਆ ਕਿ ਪਰਮੇਸ਼ੁਰ ਦਾ ਰਾਜ ਕਦ ਆਵੇਗਾ? ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ‹ਪਰਮੇਸ਼ੁਰ ਦਾ ਰਾਜ ਪ੍ਰਗਟ ਰੂਪ ਵਿੱਚ ਨਹੀਂ ਆਉਂਦਾ।›
21 ‹ਅਤੇ ਲੋਕ ਇਹ ਨਾ ਕਹਿਣਗੇ ਕਿ ਵੇਖੋ ਇੱਥੇ ਜਾ ਉੱਥੇ ਹੈ, ਕਿਉਂਕਿ ਵੇਖੋ, ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚ ਹੈ।›
22 ਉਸ ਨੇ ਚੇਲਿਆਂ ਨੂੰ ਆਖਿਆ, ‹ਉਹ ਦਿਨ ਵੀ ਆਉਣਗੇ ਜਦ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਵੇਖਣਾ ਚਾਹੋਗੇ ਪਰ ਨਾ ਵੇਖੋਗੇ।›
23 ‹ਅਤੇ ਲੋਕ ਤੁਹਾਨੂੰ ਕਹਿਣਗੇ, ਵੇਖੋ, ਉਹ ਉੱਥੇ ਹੈ ਜਾਂ ਇੱਥੇ ਹੈ! ਤੁਸੀਂ ਨਾ ਜਾਣਾ ਅਤੇ ਉਨ੍ਹਾਂ ਮਗਰ ਨਾ ਲੱਗਣਾ।›
24 ‹ਕਿਉਂਕਿ ਜਿਸ ਤਰ੍ਹਾਂ ਬਿਜਲੀ ਅਕਾਸ਼ ਦੇ ਹੇਠ ਇੱਕ ਪਾਸੇ ਲਿਸ਼ਕਦੀ ਹੈ ਅਤੇ ਅਕਾਸ਼ ਦੇ ਹੇਠ ਦੂਜੇ ਪਾਸੇ ਤੱਕ ਚਮਕਦੀ ਹੈ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਆਪਣੇ ਦਿਨ ਵਿੱਚ ਹੋਵੇਗਾ।›
25 ‹ਪਰ ਪਹਿਲਾਂ ਉਸ ਦੇ ਲਈ ਇਹ ਜ਼ਰੂਰੀ ਹੈ ਜੋ ਉਹ ਬਹੁਤ ਦੁੱਖ ਭੋਗੇ ਅਤੇ ਇਸ ਪੀੜ੍ਹੀ ਦੇ ਲੋਕ ਉਸ ਨੂੰ ਠੁਕਰਾਉਣ।›
26 ‹ਅਤੇ ਜਿਸ ਤਰ੍ਹਾਂ ਨੂਹ ਨਬੀ ਦੇ ਦਿਨਾਂ ਵਿੱਚ ਹੋਇਆ ਸੀ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ।›
27 ‹ਜਿਸ ਦਿਨ ਤੱਕ ਨੂਹ ਨਬੀ ਕਿਸ਼ਤੀ ਉੱਤੇ ਨਾ ਚੜ੍ਹਿਆ, ਉਹ ਖਾਂਦੇ-ਪੀਂਦੇ ਸਨ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ ਅਤੇ ਜਦ ਜਲ ਪਰਲੋ ਆਈ ਅਤੇ ਸਾਰਿਆਂ ਦਾ ਨਾਸ ਕੀਤਾ।›
28 ‹ਅਤੇ ਜਿਸ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ ਸੀ, ਲੋਕ ਖਾਂਦੇ-ਪੀਂਦੇ, ਮੁੱਲ ਲੈਂਦੇ, ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ।›
29 ‹ਅਤੇ ਜਿਸ ਦਿਨ ਲੂਤ ਸਦੂਮ ਤੋਂ ਨਿੱਕਲਿਆ ਤਾਂ ਅਕਾਸ਼ ਤੋਂ ਅੱਗ ਅਤੇ ਗੰਧਕ ਬਰਸੀ ਅਤੇ ਸਭ ਦਾ ਨਾਸ ਕੀਤਾ।›
30 ‹ਇਸੇ ਤਰ੍ਹਾਂ ਉਸ ਦਿਨ ਵੀ ਹੋਵੇਗਾ ਜਦ ਮਨੁੱਖ ਦਾ ਪੁੱਤਰ ਪਰਗਟ ਹੋਵੇਗਾ।›
31 ‹ਉਸ ਦਿਨ ਜਿਹੜਾ ਛੱਤ ਉੱਤੇ ਹੋਵੇ ਅਤੇ ਉਸ ਦਾ ਸਮਾਨ ਘਰ ਵਿੱਚ ਹੋਵੇ ਤਾਂ ਉਸ ਨੂੰ ਲੈਣ ਥੱਲੇ ਨਾ ਉੱਤਰੇ ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਵਾਪਸ ਨਾ ਮੁੜੇ।›
32 ‹ਲੂਤ ਦੀ ਪਤਨੀ ਨੂੰ ਯਾਦ ਰੱਖੋ।›
33 ‹ਜੋ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਉਸ ਨੂੰ ਗੁਆ ਬੈਠੇਗਾ ਪਰ ਜੋ ਉਸ ਨੂੰ ਗੁਆਵੇ ਸੋ ਉਸ ਨੂੰ ਜਿਉਂਦਿਆਂ ਰੱਖੇਗਾ।›
34 ‹ਮੈਂ ਤੁਹਾਨੂੰ ਆਖਦਾ ਹਾਂ ਕਿ ਉਸ ਰਾਤ ਦੋ ਜਣੇ ਇੱਕ ਮੰਜੇ ਉੱਤੇ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।›
35 ‹ਦੋ ਔਰਤਾਂ ਇਕੱਠੀਆਂ ਚੱਕੀ ਪੀਂਹਦੀਆਂ ਹੋਣਗੀਆਂ, ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ।›
36 ‹ਦੋ ਜਣੇ ਖੇਤ ਵਿੱਚ ਹੋਣਗੇ, ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।›
37 ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ, ਪ੍ਰਭੂ ਜੀ ਇਹ ਸਭ ਕਿੱਥੇ ਹੋਵੇਗਾ? ਯਿਸੂ ਨੇ ਉਨ੍ਹਾਂ ਨੂੰ ਕਿਹਾ, ‹ਜਿੱਥੇ ਲੋਥ ਹੈ ਉੱਥੇ ਗਿਰਝਾਂ ਵੀ ਇਕੱਠੀਆਂ ਹੋਣਗੀਆਂ।›