All books in ਪੰਜਾਬੀ IRV

ਕਹਾਉਤਾਂ 12

ਪੰਜਾਬੀ IRV · chapter 12

31 chapters

ਪੰਜਾਬੀ IRV / ਕਹਾਉਤਾਂ / Chapter 12

ਪੰਜਾਬੀ IRV · chapter 12

1 ਉਹ ਗਿਆਨ ਨਾਲ ਪ੍ਰੀਤ ਰੱਖਦਾ ਹੈ, ਪਰ ਜੋ ਤਾੜਨਾ ਨੂੰ ਬੁਰਾ ਜਾਣਦਾ ਹੈ ਉਹ ਪਸ਼ੂ ਵਰਗਾ ਹੈ।

2 ਭਲੇ ਮਨੁੱਖ ਤੋਂ ਯਹੋਵਾਹ ਪਰਸੰਨ ਹੁੰਦਾ ਹੈ, ਪਰ ਬੁਰੀਆਂ ਜੁਗਤਾਂ ਬਣਾਉਣ ਵਾਲੇ ਨੂੰ ਉਹ ਦੋਸ਼ੀ ਠਹਿਰਾਉਂਦਾ ਹੈ।

3 ਦੁਸ਼ਟਤਾ ਨਾਲ ਕੋਈ ਮਨੁੱਖ ਸਥਿਰ ਨਹੀਂ ਹੁੰਦਾ, ਪਰ ਧਰਮੀਆਂ ਦੀ ਜੜ੍ਹ ਕਦੀ ਪੁੱਟੀ ਨਾ ਜਾਵੇਗੀ।

4 ਨੇਕ ਇਸਤਰੀ ਆਪਣੇ ਪਤੀ ਦਾ ਮੁਕਟ ਹੈ, ਪਰ ਖੱਜਲ ਕਰਨ ਵਾਲੀ ਉਹ ਦੀ ਹੱਡੀਆਂ ਦਾ ਸਾੜਾ ਹੈ।

5 ਧਰਮੀਆਂ ਦੀਆਂ ਯੋਜਨਾਵਾਂ ਤਾਂ ਨਿਆਂ ਵਾਲੀਆਂ ਹੁੰਦੀਆਂ ਹਨ, ਪਰ ਦੁਸ਼ਟਾਂ ਦੀਆਂ ਜੁਗਤਾਂ ਛਲ ਦੀਆਂ ਹੁੰਦੀਆਂ ਹਨ।

6 ਦੁਸ਼ਟਾਂ ਦੀਆਂ ਗੱਲਾਂ ਖ਼ੂਨ ਕਰਨ ਲਈ ਘਾਤ ਲਾਉਣ ਦੇ ਵਿਖੇ ਹੁੰਦੀਆਂ ਹਨ, ਪਰ ਸਚਿਆਰਾਂ ਦੇ ਬੋਲ ਉਹਨਾਂ ਨੂੰ ਛੁਡਾ ਲੈਂਦੇ ਹਨ।

7 ਦੁਸ਼ਟ ਪਟਕੇ ਜਾਂਦੇ ਹਨ ਅਤੇ ਉਹ ਰਹਿੰਦੇ ਹੀ ਨਹੀਂ, ਪਰ ਧਰਮੀਆਂ ਦਾ ਘਰ ਸਥਿਰ ਰਹੇਗਾ।

8 ਮਨੁੱਖ ਦੀ ਪ੍ਰਸੰਸਾ ਉਸ ਦੀ ਬੁੱਧ ਦੇ ਅਨੁਸਾਰ ਹੁੰਦੀ ਹੈ, ਪਰ ਪੁੱਠੀ ਸੋਚ ਵਾਲਾ ਮਨੁੱਖ ਤੁੱਛ ਸਮਝਿਆ ਜਾਂਦਾ ਹੈ।

9 ਜੋ ਰੋਟੀਓਂ ਵੀ ਤੰਗ ਹੈ ਅਤੇ ਵਡਿਆਈ ਮਾਰਦਾ ਹੈ, ਉਸ ਨਾਲੋਂ ਉਹ ਛੋਟਾ ਮਨੁੱਖ ਚੰਗਾ ਹੈ, ਜਿਸ ਦੇ ਕੋਲ ਦਾਸ ਹੈ।

10 ਧਰਮੀ ਆਪਣੇ ਪਸ਼ੂ ਦੇ ਪ੍ਰਾਣਾਂ ਦੀ ਵੀ ਸੁੱਧ ਰੱਖਦਾ ਹੈ, ਪਰ ਦੁਸ਼ਟ ਦੀ ਦਯਾ ਵੀ ਨਿਰਦਈ ਹੀ ਹੁੰਦੀ ਹੈ।

11 ਜਿਹੜਾ ਆਪਣੇ ਖੇਤ ਨੂੰ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ, ਪਰ ਜੋ ਨਿਕੰਮੀਆਂ ਗੱਲਾਂ ਦਾ ਪਿੱਛਾ ਕਰਦਾ ਹੈ ਉਹ ਨਿਰਬੁੱਧ ਹੈ।

12 ਦੁਸ਼ਟ ਬੁਰਿਆਰਾਂ ਦੇ ਮਾਲ ਲਈ ਲੋਚਦਾ ਹੈ, ਪਰ ਧਰਮੀਆਂ ਦੀ ਜੜ੍ਹ ਫਲਦੀ ਹੈ।

13 ਬੁਰਿਆਰ ਆਪਣੀਆਂ ਗੱਲਾਂ ਦੇ ਅਪਰਾਧ ਨਾਲ ਫਸ ਜਾਂਦਾ ਹੈ, ਪਰ ਧਰਮੀ ਦੁੱਖ ਤੋਂ ਬਚ ਨਿੱਕਲਦਾ ਹੈ।

14 ਆਦਮੀ ਆਪਣੇ ਬਚਨਾਂ ਦੇ ਫਲ ਦੇ ਕਾਰਨ ਭਲਿਆਈ ਨਾਲ ਤ੍ਰਿਪਤ ਹੁੰਦਾ ਹੈ ਅਤੇ ਜਿਹੀ ਕਿਸੇ ਦੀ ਕਰਨੀ ਤੇਹੀ ਉਸੇ ਦੀ ਭਰਨੀ ਹੁੰਦੀ ਹੈ।

15 ਮੂਰਖ ਦੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਚੰਗੀ ਹੁੰਦੀ ਹੈ, ਪਰ ਬੁੱਧਵਾਨ ਸਲਾਹ ਨੂੰ ਮੰਨ ਲੈਂਦਾ ਹੈ।

16 ਮੂਰਖ ਦਾ ਗੁੱਸਾ ਝੱਟ ਪ੍ਰਗਟ ਹੋ ਜਾਂਦਾ ਹੈ, ਪਰ ਸਿਆਣਾ ਨਿਰਾਦਰ ਨੂੰ ਅਣਦੇਖਿਆ ਕਰ ਦਿੰਦਾ ਹੈ।

17 ਜਿਹੜਾ ਸੱਚੀ ਗਵਾਹੀ ਦਿੰਦਾ ਹੈ ਉਹ ਸੱਚ ਬੋਲਦਾ ਹੈ, ਪਰ ਝੂਠਾ ਗਵਾਹ ਛਲ ਨੂੰ ਪ੍ਰਗਟ ਕਰਦਾ ਹੈ।

18 ਬਿਨ੍ਹਾਂ ਸੋਚੇ ਬੋਲਣ ਵਾਲੇ ਦੀਆਂ ਗੱਲਾਂ ਤਲਵਾਰ ਵਾਂਗੂੰ ਵਿੰਨ੍ਹਦੀਆਂ ਹਨ, ਪਰ ਬੁੱਧਵਾਨ ਦੇ ਬਚਨ ਚੰਗਾ ਕਰ ਦਿੰਦੇ ਹਨ।

19 ਸਚਿਆਈ ਸਦਾ ਬਣੀ ਰਹੇਗੀ, ਪਰ ਝੂਠ ਪਲ ਭਰ ਦਾ ਹੁੰਦਾ ਹੈ।

20 ਬੁਰੀਆਂ ਜੁਗਤਾਂ ਕਰਨ ਵਾਲਿਆਂ ਦੇ ਮਨ ਵਿੱਚ ਛਲ ਹੁੰਦਾ ਹੈ, ਪਰ ਸ਼ਾਂਤੀ ਦੇ ਸਲਾਹਕਾਰਾਂ ਲਈ ਅਨੰਦ ਹੁੰਦਾ ਹੈ।

21 ਧਰਮੀ ਉੱਤੇ ਕੋਈ ਬੁਰਿਆਈ ਨਹੀਂ ਪਵੇਗੀ, ਪਰ ਦੁਸ਼ਟ ਬਿਪਤਾ ਨਾਲ ਭਰੇ ਰਹਿੰਦੇ ਹਨ।

22 ਝੂਠੇ ਬੁੱਲ੍ਹ ਯਹੋਵਾਹ ਲਈ ਘਿਣਾਉਣੇ ਹਨ, ਪਰ ਜੋ ਵਫ਼ਾਦਾਰ ਹਨ, ਉਹ ਉਹਨਾਂ ਨੂੰ ਪਸੰਦ ਕਰਦਾ ਹੈ।

23 ਸਿਆਣਾ ਮਨੁੱਖ ਗਿਆਨ ਨੂੰ ਲੁਕਾਈ ਰੱਖਦਾ ਹੈ, ਪਰ ਮੂਰਖ ਦਾ ਦਿਲ ਮੂਰਖਤਾਈ ਦਾ ਪ੍ਰਚਾਰ ਕਰਦਾ ਹੈ।

24 ਉੱਦਮੀ ਲੋਕ ਉੱਚੇ ਕੀਤੇ ਜਾਣਗੇ, ਪਰ ਆਲਸੀ ਬੇਗਾਰੀ ਕਰਨ ਵਾਲਾ ਬਣੇਗਾ।

25 ਮਨੁੱਖ ਦੇ ਦਿਲ ਦੀ ਚਿੰਤਾ ਉਹ ਨੂੰ ਝੁਕਾ ਦਿੰਦੀ ਹੈ, ਪਰ ਚੰਗਾ ਬਚਨ ਉਹ ਨੂੰ ਅਨੰਦ ਕਰ ਦਿੰਦਾ ਹੈ।

26 ਧਰਮੀ ਆਪਣੇ ਗੁਆਂਢੀ ਨੂੰ ਸਹੀ ਰਾਹ ਦੱਸਦਾ ਹੈ, ਪਰ ਦੁਸ਼ਟ ਦੀ ਚਾਲ ਉਹ ਨੂੰ ਭਟਕਾ ਦਿੰਦੀ ਹੈ।

27 ਆਲਸੀ ਮਨੁੱਖ ਸ਼ਿਕਾਰ ਕਰਕੇ ਉਹ ਨੂੰ ਭੁੰਨਦਾ ਵੀ ਨਹੀਂ, ਪਰ ਉੱਦਮੀ ਮਨੁੱਖ ਨੂੰ ਅਨਮੋਲ ਪਦਾਰਥ ਮਿਲਦੇ ਹਨ।

28 ਧਰਮ ਦੇ ਰਾਹ ਵਿੱਚ ਜੀਵਨ ਮਿਲਦਾ ਹੈ, ਅਤੇ ਉਹ ਦੇ ਮਾਰਗਾਂ ਵਿੱਚ ਮੌਤ ਦਾ ਪਤਾ ਵੀ ਨਹੀਂ।