ਪੰਜਾਬੀ IRV / ਮੱਤੀ / الأصحاح 11
ਪੰਜਾਬੀ IRV · الأصحاح 11
1 ¶ ਇਸ ਤਰ੍ਹਾਂ ਹੋਇਆ ਕਿ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇਣ ਤੋਂ ਬਾਅਦ, ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਚੱਲਿਆ ਗਿਆ।
2 ¶ ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਦੀ ਚਰਚਾ ਸੁਣੀ, ਤਦ ਆਪਣੇ ਚੇਲਿਆਂ ਨੂੰ ਇਹ ਪੁੱਛਣ ਲਈ ਭੇਜਿਆ,
3 ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?
4 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ‹ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੂਹੰਨਾ ਨੂੰ ਇਹ ਖ਼ਬਰ ਦੇ ਦੇਵੋ,›
5 ‹ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਚਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ।›
6 ‹ਅਤੇ ਧੰਨ ਹੈ ਉਹ ਜੋ ਮੇਰੇ ਕਾਰਨ ਠੋਕਰ ਨਾ ਖਾਵੇ।›
7 ¶ ਜਦੋਂ ਉਹ ਚਲੇ ਗਏ ਤਾਂ ਯਿਸੂ ਯੂਹੰਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ, ‹ਤੁਸੀਂ ਉਜਾੜ ਵਿੱਚ ਕੀ ਵੇਖਣ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ?›
8 ‹ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਮਹੀਨ ਬਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ? ਵੇਖੋ ਉਹ ਜਿਹੜੇ ਕੋਮਲ ਬਸਤਰ ਪਹਿਨਦੇ ਹਨ ਰਾਜਿਆਂ ਦੇ ਮਹਿਲਾਂ ਵਿੱਚ ਹਨ।›
9 ‹ਫੇਰ ਤੁਸੀਂ ਕੀ ਵੇਖਣ ਗਏ ਸੀ? ਕੀ ਨਬੀ ਨੂੰ? ਹਾਂ, ਮੈਂ ਤੁਹਾਨੂੰ ਆਖਦਾ ਹਾਂ ਸਗੋਂ ਨਬੀ ਨਾਲੋਂ ਵੀ ਵੱਡਾ।›
10 ‹ਇਹ ਉਹੋ ਹੈ ਜਿਹ ਦੇ ਬਾਰੇ ਲਿਖਿਆ ਹੋਇਆ ਹੈ;› ‹ਵੇਖ ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ› ‹ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।›
11 ¶ ‹ਮੈਂ ਤੁਹਾਨੂੰ ਸੱਚ ਆਖਦਾ ਹਾਂ; ਜਿਹੜੇ ਔਰਤਾਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਹੀਂ ਹੋਇਆ, ਪਰ ਜਿਹੜਾ ਸਵਰਗ ਰਾਜ ਵਿੱਚ ਛੋਟਾ ਹੈ ਉਹ ਉਸ ਤੋਂ ਵੱਡਾ ਹੈ।›
12 ‹ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਪ੍ਰਾਪਤ ਕਰ ਲੈਂਦੇ ਹਨ।›
13 ‹ਕਿਉਂ ਜੋ ਸਾਰੇ ਨਬੀ ਅਤੇ ਮੂਸਾ ਦੀ ਬਿਵਸਥਾ ਯੂਹੰਨਾ ਦੇ ਆਉਣ ਤੱਕ ਅਗੰਮ ਵਾਕ ਕਰਦੇ ਰਹੇ।›
14 ‹ਜੇਕਰ ਤੁਸੀਂ ਇਸ ਨੂੰ ਮੰਨਣਾ ਚਾਹੁੰਦੇ ਹੋ, ਤਾਂ ਆਉਣ ਵਾਲਾ ਏਲੀਯਾਹ ਇਹੋ ਹੈ।›
15 ‹ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ।›
16 ‹ਪਰ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਉਨ੍ਹਾਂ ਬੱਚਿਆਂ ਵਰਗੇ ਹਨ, ਜਿਹੜੇ ਬਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਅਵਾਜ਼ ਮਾਰ ਕੇ ਆਖਦੇ ਹਨ,›
17 ‹ਅਸੀਂ ਤੁਹਾਡੇ ਲਈ ਬੰਸਰੀ ਵਜਾਈ,› ‹ਪਰ ਤੁਸੀਂ ਨਾ ਨੱਚੇ।› ‹ਅਸੀਂ ਸਿਆਪਾ ਕੀਤਾ,› ‹ਪਰ ਤੁਸੀਂ ਵਿਰਲਾਪ ਨਾ ਕੀਤਾ।›
18 ¶ ‹ਕਿਉਂਕਿ ਯੂਹੰਨਾ ਨਾ ਤਾਂ ਰੋਟੀ ਖਾਂਦਾ ਅਤੇ ਨਾ ਮੈਅ ਪੀਂਦਾ ਆਇਆ, ਅਤੇ ਉਹ ਆਖਦੇ ਹਨ ਜੋ ਉਹ ਦੇ ਵਿੱਚ ਇੱਕ ਭੂਤ ਹੈ।›
19 ‹ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਉਹ ਆਖਦੇ ਹਨ, ਵੇਖੋ ਇੱਕ ਪੇਟੂ ਅਤੇ ਸ਼ਰਾਬੀ, ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ। ਸੋ ਗਿਆਨ ਆਪਣੇ ਕੰਮਾਂ ਦੁਆਰਾ ਸੱਚਾ ਠਹਿਰਿਆ!›
20 ¶ ਫਿਰ ਉਹ ਉਨ੍ਹਾਂ ਨਗਰਾਂ ਨੂੰ ਜਿਨ੍ਹਾਂ ਵਿੱਚ ਉਸ ਨੇ ਬਹੁਤ ਅਚਰਜ਼ ਕੰਮ ਕੀਤੇ ਸਨ ਉਲਾਂਭਾ ਦੇਣ ਲੱਗਾ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ।
21 ‹ਹੇ ਖੁਰਾਜ਼ੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਅਫ਼ਸੋਸ! ਕਿਉਂਕਿ ਜਿਹੜੇ ਅਚਰਜ਼ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਹ ਤੱਪੜ ਪਹਿਨ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੇ ਤੋਬਾ ਕਰ ਲੈਂਦੇ!›
22 ‹ਫਿਰ ਵੀ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਝੱਲਣ ਯੋਗ ਹੋਵੇਗਾ।›
23 ‹ਅਤੇ ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਤੂੰ ਸਗੋਂ ਪਤਾਲ ਵਿੱਚ ਸੁੱਟਿਆ ਜਾਏਂਗਾ ਕਿਉਂਕਿ ਜਿਹੜੇ ਅਚਰਜ਼ ਕੰਮ ਤੇਰੇ ਵਿੱਚ ਵਿਖਾਏ ਗਏ ਹਨ ਜੇ ਉਹ ਸਦੂਮ ਵਿੱਚ ਵਿਖਾਏ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ।›
24 ‹ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੇਰੇ ਨਾਲੋਂ ਸਦੂਮ ਦੇਸ ਦਾ ਹਾਲ ਝੱਲਣ ਯੋਗ ਹੋਵੇਗਾ।›
25 ¶ ਉਸ ਵੇਲੇ ਯਿਸੂ ਨੇ ਆਖਿਆ, ‹ਹੇ ਪਿਤਾ ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ, ਪਰ ਉਨ੍ਹਾਂ ਨੂੰ ਬੱਚਿਆਂ ਉੱਤੇ ਪਰਗਟ ਕੀਤਾ।›
26 ‹ਹਾਂ, ਹੇ ਪਿਤਾ, ਕਿਉਂ ਜੋ ਤੈਨੂੰ ਇਹੋ ਚੰਗਾ ਲੱਗਿਆ।›
27 ‹ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ! ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਕੋਈ ਪੁੱਤਰ ਤੋਂ ਇਲਾਵਾ ਪਿਤਾ ਨੂੰ ਜਾਣਦਾ ਹੈ ਅਤੇ ਹੁਣ ਪੁੱਤਰ ਹੀ ਹੈ, ਜਿਸ ਉੱਤੇ ਉਹ ਨੂੰ ਪਰਗਟ ਕਰਨਾ ਚਾਹੇ।›
28 ‹ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।›
29 ‹ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਕੋਲੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗਰੀਬ ਹਾਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਅਰਾਮ ਪਾਓਗੇ।›
30 ‹ਕਿਉਂਕਿ ਮੇਰਾ ਜੂਲਾ ਸੁਖਾਲਾ ਅਤੇ ਮੇਰਾ ਭਾਰ ਹਲਕਾ ਹੈ।›